ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਹਲਕਿਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪਾਇਲ ਵਿਖੇ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਘੁਟਾਲਾ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਦਾ ਵਿਰੋਧ ਕੀਤਾ ਗਿਆ ਅਤੇ ਬਾਬੂ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ ਇੱਕ ਭਰਵਾਂ ਇਕੱਠ ਕੀਤਾ ਗਿਆ। ਅੱਗੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਬਸਪਾ ਵਰਕਰਾਂ ਵੱਲੋਂ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਜੈ ਭੀਮ, ਜੈ ਭਾਰਤ ਦੇ ਜ਼ੋਰਦਾਰ ਨਾਅਰੇ ਲਗਾ ਕੇ ਰੋਸ ਮਾਰਚ ਕੀਤਾ ਗਿਆ ਤੇ ਐੱਸਡੀਐੱਮ ਪਾਇਲ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੇਂਦਰ ਤੇ ਪੰਜਾਬ ਸਰਕਾਰ ਤੇ ਤੰਨਜ਼ ਕਸਦਿਆਂ ਕਿਹਾ ਕਿ ਇਨ੍ਹਾਂ ਜ਼ਾ ਲ ਮ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੇ ਸੂਬੇ ਨੂੰ ਕੰਗਾਲੀ ਦੇ ਕੰਢੇ ’ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਜਾਤ-ਪਾਤ ਤੋਂ ਮੁਕਤ ਹੋ ਕੇ ਚੱਲਣ ਦਾ ਸੰਦੇਸ਼ ਦਿੱਤਾ ਸੀ, ਪਰ ਅਜੇ ਤੱਕ ਵੀ ਇਸ ਕੋਹੜ ਤੋਂ ਸਮਾਜ ਆਜ਼ਾਦ ਨਹੀਂ ਹੋ ਸਕਿਆ ਹੈ। ਉਨ੍ਹਾਂ ਸ਼ਕਾਲਰਸ਼ਿਪ ਮਾਮਲੇ ’ਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਲਈ ਸਰਕਾਰ ਨੇ ਕਲੀਨ ਚਿੱਟ ਦੇ ਕੇ ਗਰੀਬ ਵਿਦਿਆਰਥੀਆਂ ਨਾਲ ਧ੍ਰੋਹ ਕਮਾਇਆ ਹੈ। ਸੂਬਾ ਪ੍ਰਧਾਨ ਗੜ੍ਹੀ ਨੇ ਅੱਗੇ ਕਿਹਾ ਕਿ ਬਾਬੂ ਕਾਸ਼ੀ ਰਾਮ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ 2022 ਦੀਆਂ ਚੋਣਾਂ ਵਿੱਚ ਬਸਪਾ ਦੀ ਸਰਕਾਰ ਬਣਾਉਣ ਲਈ ਇੱਕਜੁੱਟ ਹੋਣਾ ਲਾਜ਼ਮੀ ਹੈ।