ਅਕਾਲੀ ਦਲ ਦੇ ਟਰੈਕਟਰ ਮਾਰਚ ’ਚੋਂ ਕਿਸਾਨ ਗਾਇਬ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਧਰਮ ਦੇ ਤਿੰਨ ਤਖ਼ਤਾਂ ਤੋਂ ਸ਼ੁਰੂ ਕੀਤੇ ਗਏ ਕਿਸਾਨ ਮਾਰਚ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕੀਤੇ ਗਏ ਮਾਰਚ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਨੇ ਕੀਤੀ। ਕਹਿਣ ਨੂੰ ਤਾਂ ਇਹ ਮਾਰਚ ਕਿਸਾਨਾਂ ਦੇ ਹੱਕ ਵਿੱਚ ਕੀਤਾ ਗਿਆ ਸੀ ਪਰ ਇਸ ਮਾਰਚ ਵਿੱਚੋਂ ਅਸਲ ਕਿਸਾਨ ਪੂਰੀ ਤਰ੍ਹਾਂ ਨਾਲ ਗਾਇਬ ਸਨ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਤੇ ਬੀਬਾ ਹਰਸਿਮਰਤ ਕੌਰ ਬਾਦਲ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ ਪਰ ਪੰਜ ਵਾਰ ਮੁੱਖ ਮੰਤਰੀ ਰਹੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ ਦਾ ਵੀ ਕੋਈ ਨਾਅਰਾ ਸੁਣਾਈ ਨਹੀਂ ਦਿੱਤਾ। ਇਸੇ ਦੌਰਾਨ ‘ਇਕੋ ਨਾਅਰਾ, ਕਿਸਾਨ ਪਿਆਰਾ’ ਵੀ ਵਾਰ-ਵਾਰ ਲੱਗਾ।

ਸੁਖਬੀਰ ਸਿੰਘ ਬਾਦਲ ਜਿਸ ਖੁੱਲ੍ਹੀ ਗੱਡੀ ਵਿੱਚ ਸਵਾਰ ਸੀ ਉਸ ’ਤੇ ਛਾਂ ਲਈ ਤੇ ਸੁਖਬੀਰ ਬਾਦਲ ਦੇ ਬੈਠਣ ਲਈ ਕੁਰਸੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਸ ਗੱਡੀ ਦੇ ਦੋਵੇਂ ਪਾਸੇ ਅਤੇ ਅੱਗੇ ਜਿਹੜੇ ਵੱਡੇ-ਵੱਡੇ ਹੋਰਡਿੰਗ ਲੱਗੇ ਹੋਏ ਸਨ ਉਸ ’ਤੇ ਸਿਰਫ ਬਾਦਲ ਪਰਿਵਾਰ ਦੀਆਂ ਤਸਵੀਰਾਂ ਨੂੰ ਹੀ ਪ੍ਰਮੁੱਖਤਾ ਦਿੱਤੀ ਹੋਈ ਸੀ। ਕਈ ਗੱਡੀਆਂ ’ਤੇ ਬਾਦਲ ਪਰਿਵਾਰ ਦੇ ਨਾਲ ਜਿਹੜੀ ਚੌਥੀ ਫੋਟੋ ਨਜ਼ਰ ਆਉਂਦੀ ਸੀ ਉਹ ਬਿਕਰਮ ਸਿੰਘ ਮਜੀਠੀਆ ਦੀ ਸੀ। ਕਿਸੇ ਵੀ ਕਿਸਾਨ ਆਗੂ ਜਾਂ ਕਿਸਾਨ ਤਰਸਾਦੀ ਦੀਆਂ ਕੋਈ ਵੀ ਫੋਟੋਆਂ ਨਹੀਂ ਸੀ ਲੱਗੀਆਂ ਹੋਈਆਂ, ਨਾ ਹੀ ਕਿਸੇ ਕਿਸਾਨ ਜਥੇਬੰਦੀ ਦਾ ਝੰਡਾ ਹੀ ਦੇਖਣ ਨੂੰ ਮਿਲਿਆ।

ਜਲੰਧਰ ਵਿੱਚ ਮਾਰਚ ਦੇ ਪਹੁੰਚਣ ਦਾ ਸਮਾਂ ਸਵੇਰੇ 11 ਦਾ ਰੱਖਿਆ ਹੋਇਆ ਸੀ। ਜਲੰਧਰ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਦਕੋਹਾ ਰੇਲਵੇ ਫਾਟਕ ’ਤੇ ਸੁਖਬੀਰ ਬਾਦਲ ਦੇ ਸਵਾਗਤ ਲਈ ਬਕਾਇਦਾ ਪ੍ਰਬੰਧ ਕੀਤੇ ਹੋਏ ਸਨ। ਸੁਖਬੀਰ ਬਾਦਲ ਦਾ ਇਹ ਕਾਫਲਾ ਮਿੱਥੇ ਸਮੇਂ ਤੋਂ ਸਾਢੇ ਤਿੰਨ ਘੰਟੇ ਪੱਛੜ ਕੇ ਪਹੁੰਚਿਆ। ਜਲੰਧਰ ਵਿੱਚੋਂ ਜਦੋਂ ਇਹ ਕਾਫਲਾ ਲੰਘਿਆ ਤਾਂ ਉਸ ਸਮੇਂ ਸੁਖਬੀਰ ਬਾਦਲ ਦੀ ਇਸ ਵਿਸ਼ੇਸ਼ ਗੱਡੀ ਵਿੱਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂ ਹਾਜ਼ਰ ਸਨ। ਪ੍ਰੈੱਸ ਲਈ ਇੱਕ ਵਿਸ਼ੇਸ਼ ਟਾਟਾ 407 ਵੀ ਕਾਫ਼ਲੇ ਦੇ ਨਾਲ-ਨਾਲ ਚੱਲ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਨੇ 24 ਸਾਲ ਤਕ ਨਹੁੰ-ਮਾਸ ਦਾ ਰਿਸ਼ਤਾ ਰਹੀ ਪਾਰਟੀ ਭਾਜਪਾ ਨੂੰ ਰੱਜ ਕੇ ਭੰਡਿਆ। ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਭਾਜਪਾ ਅੱਜ ਨਮੋਸ਼ੀ ਵਿੱਚ ਮਰੀ ਪਈ ਹੈ। ਹਰਿਆਣਾ, ਯੂਪੀ ਵਿੱਚ ਜਿੰਨੇ ਐੱਮਪੀ ਹਨ ਲੋਕ ਉਨ੍ਹਾਂ ਨੂੰ ਢਾਹ ਕੇ ਛਿੱਤਰ ਮਾਰ ਰਹੇ ਹਨ ਕਿਉਂਕਿ ਕਿਸਾਨੀ ਤੋਂ ਬਿਨਾਂ ਹਿੰਦੁਸਤਾਨ ਚੱਲ ਨਹੀਂ ਸਕਦਾ।

ਇਸ ਕਾਫਲੇ ਵਿੱਚ ਕਿਸਾਨਾਂ ਜਾਂ ਪਾਰਟੀ ਵਰਕਰਾਂ ਨਾਲੋਂ ਗੱਡੀਆਂ ਵੱਧ ਸ਼ਾਮਲ ਸਨ। ਮੁਸਲਿਮ ਭਾਈਚਾਰੇ ਦੇ ਕੁਝ ਲੋਕ ਵੀ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਆਏ ਹੋਏ ਸਨ। ਟਰੈਫਿਕ ਜਾਮ ਵਿੱਚ ਫਸੇ ਲੋਕ ਇਸ ਮਾਰਚ ਤੋਂ ਖਫ਼ਾ ਸਨ। ਕਈ ਰਾਹਗੀਰਾਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਤਾਂ ਸੜਕਾਂ ’ਤੇ ਧਰਨੇ ਲਾ ਰਹੇ ਹਨ ਤੇ ਇਥੇ ਸੁਖਬੀਰ ਬਾਦਲ ਦਾ ਵੱਡੇ-ਵੱਡੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਤੇ ‘ਜੀ ਆਇਆਂ ਨੂੰ’ ਕਿਹਾ ਜਾ ਰਿਹਾ ਹੈ ਇਹ ਕਿਹੋ-ਜਿਹਾ ਰੋਸ ਪ੍ਰਦਰਸ਼ਨ ਹੈ। ਇਸ ਮੌਕੇ ਕਿਸਾਨਾਂ ਪੱਖੀ ਤੇ ਕੇਂਦਰ ਵਿਰੋਧੀ ਨਾਅਰੇ ਲੱਗਦੇ ਰਹੇ ਤੇ ਮੋਦੀ ਸਰਕਾਰ ਦੀ ਹਰ ਵਰਗ ਨਿਖੇਧੀ ਕਰਦਾ ਰਿਹਾ।

Leave a Reply

Your email address will not be published. Required fields are marked *